ਫੇਰ ਵੀ ਪਤਾ ਨੀ ਕਾਹਤੋਂ, ਮੋਹ ਜਿਹਾ ਆਈ ਜਾਂਦੈ, ਭਾਵੇਂ ਸਾਡੇ ਭੁੱਜ ਗਏ ਨੇ ਪੈਰ, ..ਸੱਜਣਾ.............
ਮਾਂ ਨੇ ਵੀ ਰੋਕਿਆ, ਬਾਪੂ ਨੇ ਵੀ ਰੋਕਿਆ, ਨਾ ਜਾਈਂ ਸੱਜਣਾਂ ਦੇ ਸ਼ਹਿਰ,
ਪਰ ਸਾਡੀ ਭੁੱਖ ਸਗੋਂ, ਦੂਣੀ ਚੌਣੀ ਹੋਈ ਜਾਵੇ, ਹੌਲ ਪੈਂਦੇ ਰਹਿਣ ਚੱਤੋ ਪਹਿਰ,....ਸੱਜਣਾ......
ਤੇਰੇ ਸ਼ਹਿਰ ਕਾਹਦੀ ਆਈ ਮਿੱਤਰਾ ਵੇ ਮੇਰਿਆ, ਭੁੱਲੇ ਸਭ ਸ਼ਿਕਵੇ ਤੇ ਵੈਰ,
ਚਿੱਤ ਕਰੇ ਤੱਤੇ ਤੱਤੇ ਰੇਤਿਆਂ ਨੂੰ ਚੁੰਮ ਲਵਾਂ, ਲੱਭ ਕਿਤੋਂ ਸੱਜਣਾਂ ਦੀ ਪੈੜ,.....ਸੱਜਣਾ......
ਤੇਰੇ ਸ਼ਹਿਰ ਵਿੱਚ ਸਭ ਆਪਣੇ ਹੀ ਵੱਸਦੇ ਨੇ, ਸਾਡੇ ਪਿੰਡ ਵੱਸਦੇ ਨੇ ਗੈਰ,
ਜਿੰਨੇ ਮਿਲੇ ਸਾਨੂੰ ਸਭ ਮਿਲੇ ਦੁੱਖ ਦੇਣ ਵਾਲੇ, ਇੱਕ ਨੇ ਨਾ ਪੁੱਛੀ ਸਾਡੀ ਖੈਰ,....ਸੱਜਣਾ.......
ਤੇਰੇ ਸ਼ਹਿਰ ਵਿੱਚ ਅਸੀਂ ਮੰਗਤਿਆਂ ਬਰੋਬਰ, ਭਾਵੇਂ ਗੁੜ ਪਾਦੇ ਭਾਵੇਂ ਜ਼ਹਿਰ,
ਤੇਰੇ ਦਰ ਉੱਤੋਂ ਭੁੱਖ ਨੈਣਾਂ ਦੀ ਮਿਟਾਵਣੀ ਵੇ, ਇਹੋ ਸਾਡੇ ਫੱਕਰਾਂ ਦੀ ਖੈਰ,.....ਸੱਜਣਾ......
ਜੱਗ ਭਾਵੇਂ ਰੁੱਸ ਜਾਏ, ਰੱਬ ਭਾਵੇਂ ਰੁੱਸ ਜਾਏ, ਸਾਨੂੰ ਸਾਡੇ ਮਿੱਤਰਾਂ ਦੀ ਲੈਰ,
ਮਾਨਾ ਮਰਜਾਣਿਆ ਕੀ ਸ਼ਹਿਰ ਤੇਰਾ ਵੇਖਿਆ, ਸਾਥੋਂ ਭੁੱਲੀ ਜਾਂਦੀ ਨਾ ਦੁਪਹਿਰ,....ਸੱਜਣਾ....
:- ਗੁਰਦਾਸ ਮਾਨ
No comments:
Post a Comment